ਮੈ ਵੇਖਾ ਆਲ੍ਹਣੇ ਖਾਲੀ ਨੂੰ,
ਬਸ ਬੈਠੀ ਰਹਾਂ ਰਖਵਾਲੀ ਨੂੰ|
ਕਦੇ ਮੁੜ ਕੇ ਆਓਣਗੇ ਚੁਗਣ ਗਏ ਜੋ,
ਚੋਗ ਡਾਲਰਾ ਵਾਲੀ ਨੂੰ |
ਜੋ ਮੇਰੀਆਂ ਅਖਾਂ ਨੇ ਦੇਖੇ ਸੀ,
ਸੁਫਨੇ ਓਹ ਸ਼ਾਯਦ ਭੁਲੇਖੇ ਸੀ,
ਇਕ ਦਿਨ ਅਮਬਰੀ ਉੜਨਾ ਹੁੰਦਾ,
ਪਿਛੇ ਛੱਡ ਸੁਨੀ ਟਾਹਲੀ ਨੂੰ|
ਮੈ ਵੇਖਾ ਆਲ੍ਹਣੇ ਖਾਲੀ ਨੂੰ, ਬਸ ਬੈਠੀ ਰਹਾਂ ਰਖਵਾਲੀ ਨੂੰ|
ਤਿਣਕਾ ਤਿਣਕਾ ਕਰ ਜੋੜਿਆ ਸੀ,
ਵਾਓ ਤੱਤੀ ਦਾ ਮੂੰਹ ਮੋੜਿਆ ਸੀ,
ਕਰ ਕਰ ਚੇਤੇ ਦਿਨ ਕੱਟ ਲਵਾਂ,
ਇਥੇ ਹੰਢਾਈ ਖੁਸ਼ਹਾਲੀ ਨੂੰ |
ਮੈ ਵੇਖਾ ਆਲ੍ਹਣੇ ਖਾਲੀ ਨੂੰ, ਬਸ ਬੈਠੀ ਰਹਾਂ ਰਖਵਾਲੀ ਨੂੰ|
ਮੁਠੀ ਨੂੰ ਘੁਟ ਕੇ ਮੀਚਿਆ ਸੀ ,
ਖੂਨ ਪਸੀਨੇ ਨਾਲ ਜੋ ਸੀੰਚਿਆ ਸੀ,
ਆਏ ਵੇਓਪਾਰੀ ਲੈ ਗਏ ਫੁਲ,
ਮੁੱਲ ਮਿਲਿਆ ਨਾ ਏਸ ਮਾਲੀ ਨੂੰ|
ਮੈ ਵੇਖਾ ਆਲ੍ਹਣੇ ਖਾਲੀ ਨੂੰ, ਬਸ ਬੈਠੀ ਰਹਾਂ ਰਖਵਾਲੀ ਨੂੰ|
ਦੂਰੀ ਮੀਲਾਂ ਦੀ ਘਟਾ ਲਈ ਦੀ,
ਘੰਟੀ ਫੋਨ ਦੀ ਖੜਕਾ ਲਈ ਦੀ,
ਸਰਹਦਾਂ ਵਾਲੇ ਕਿਥੇ ਪੁਛਦੇ,
ਬਿਨ ਵੀਜ਼ੇ ਪਾਸਪੋਰਟ ਖਾਲੀ ਨੂੰ|
ਮੈ ਵੇਖਾ ਆਲ੍ਹਣੇ ਖਾਲੀ ਨੂੰ, ਬਸ ਬੈਠੀ ਰਹਾਂ ਰਖਵਾਲੀ ਨੂੰ|
ਏਕਾਂਤ ਜੇਹਾ ਜਦੋਂ ਖਾਂਦਾ ਹੈ,
ਬੀਤਿਆ ਵੇਲਾ ਯਾਦ ਉਦੋਂ ਆਓਂਦਾ ਹੈ,
ਸ਼ਾਯਦ ਜਗਮਗਾਓਣਗੇ ਦੀਵੇ,
ਆਉਂਦੇ ਸਾਲ ਦਿਵਾਲੀ ਨੂੰ|
ਮੈ ਵੇਖਾ ਆਲ੍ਹਣੇ ਖਾਲੀ ਨੂੰ, ਬਸ ਬੈਠੀ ਰਹਾਂ ਰਖਵਾਲੀ ਨੂੰ|
ਸਤਜਿੰਦਰ ਸਿੰਘ ਬਾਠ
ਸਤਜਿੰਦਰ ਸਿੰਘ ਬਾਠ