ਮੇਰਾ ਸਫ਼ਰ ਕਵਿਤਾ ਵਿਚ ਮੈਂ ਆਪਣੇ ਹੁਣ ਤੱਕ ਦੇ ਜ਼ਿੰਦਗੀ ਦੇ
ਸਫ਼ਰ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਹੈ, ਮੇਰੇ ਖਿਆਲ ਵਿੱਚ
ਇਹ ਸਫਰ ਸਾਡੇ ਸੱਭ ਦੀ ਕਹਾਣੀ ਦਾ ਥੋੜਾ ਬਹੁਤਾ ਰੂਪ ਪੇਸ਼ ਕਰਦਾ
ਹੈ |
ਮਾਪਿਆਂ ਡਾਢਾ ਪਿਆਰ ਲਡਾਇਆ,
ਭੈਣਾਂ ਭਰਾਵਾਂ ਸੰਗ ਬਚ੍ਪਨ ਹੰਢਾਇਆ,
ਯਾਰਾਂ ਬੇਲੀਆਂ ਨਾਲ ਹੱਸਿਆ ਖੇਡਿਆ,
ਰਿਸ਼ਤੇਦਾਰਾਂ ਵੀ ਪਿਆਰ ਜਤਾਇਆ|
ਕੁਝ ਰਸਮੀ ਤੇ ਕੁਝ ਧਰਮੀ ਵਿਦਿਆ
ਲੈ ਕੇ ਮੈਂ ਆਪਣਾ ਮੁੱਲ ਵਧਾਇਆ,
ਆਪਣੇ ਪੈਰਾਂ ਤੇ ਖੜੇ ਹੋਣ ਦਾ
ਖਿਆਲ ਮੇਰੇ ਫਿਰ ਦਿਲ ਵਿੱਚ ਆਇਆ |
ਬਚਪਨ ਦੇ ਕੁਝ ਪਾਲੇ ਸੁਪਨੇ,
ਤੇ ਕੁਝ ਮਾਪਿਆਂ ਦੀਆਂ ਸੱਧਰਾਂ ਲੈ ਕੇ,
ਇਕ ਦਿਨ ਘਰੋਂ ਮੈਂ ਤੁਰ ਪਿਆ,
ਆਪਣੇ ਸੁਪਨਿਆਂ ਦਾ ਪਿੱਛਾ ਕਰਦਾ
ਪਰਦੇਸਾਂ ਵੱਲ ਨੂੰ ਉੱਡ ਪਿਆ |
ਘਰ ਤੋਂ ਲੈ ਕੇ ਪਰਦੇਸ ਤੱਕ ਦਾ,
ਸਫ਼ਰ ਵੀ ਮੇਰਾ ਜਦੋਂ ਮੁੱਕ ਗਿਆ,
ਇਕੱਲਾ ਬੈਠਾ ਕਿਤੇ ਮੈਂ ਸੋਚਾਂ,
ਮੇਰਾ ਪਿੱਛੇ ਕੀ ਕੀ ਛੁੱਟ ਗਿਆ |
ਜਿੰਨਾ ਮਿਲਿਆ ਉਹ ਘੱਟ ਲੱਗਿਆ,
ਮੈਂ ਹੋਰ ਦੇ ਪਿੱਛੇ ਭੱਝਦਾ ਰਿਹਾ,
ਹਰ ਪੌੜੀ ਮੈਨੂੰ ਮੰਜ਼ਿਲ ਲੱਗੀ,
ਮੈਂ ਪੌੜੀ ਪੌੜੀ ਚੜ੍ਹਦਾ ਗਿਆ |
ਜ਼ਿੰਦਗੀ ਦੀ ਕਿਤਾਬ ਵਿੱਚ ਇਕ ਹੋਰ ਵਰਕਾ ਜੁੜ ਗਿਆ,
ਹਮਸਫ਼ਰ ਮਿਲਿਆ ਜੋ ਮੈਨੂੰ ਇਕ ਵਾਰ ਫਿਰ ਮੈਂ ਤੁਰ ਪਿਆ,
ਆਪਣੀਆਂ ਜੜ੍ਹਾਂ ਹਾਲੇ ਲੱਗੀਆਂ ਨਹੀ ਸੀ,
ਮੈਂ ਟਾਹਣੀਆਂ ਹੋਰ ਉੱਗਾਉਣ ਲੱਗਾ,
ਤੇਜ਼ ਹਵਾਵਾਂ ਤੋਂ ਬਚਾ ਬਚਾ ਕੇ,
ਮੈਂ ਆਲ੍ਹਣਾਂ ਨਵਾਂ ਬਣਾਉਣ ਲੱਗਾ |
ਸਤਜਿੰਦਰ ਸਿੰਘ ਬਾਠ